Skip to main content
Source
Yes Punjab
Date
City
Jalandhar

ਦੇਸ਼ ਵਿੱਚ ਚੋਣ ਸੁਧਾਰਾਂ ਲਈ ਵੱਡੇ ਪੱਧਰ ‘ਤੇ ਕੰਮ ਕਰਨ ਵਾਲੀ ਸੰਸਥਾ ਐਸੋਸ਼ੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਵਲੋਂ ਪੰਜਾਬ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਦੇ ਮੈਂਬਰਾਂ ਦੇ ਅਪਰਾਧਿਕ, ਵਿੱਤੀ, ਵਿੱਦਿਅਕ ਅਤੇ ਹੋਰ ਪਿਛੋਕੜ ਬਾਰੇ ਇੱਕ ਵਿਸਥਾਰਤ ਰਿਪੋਰਟ ਜਾਰੀ ਕੀਤੀ ਹੈ।ਅੱਜ ਪੰਜਾਬ ਪੈ੍ਰੱਸ ਕਲੱਬ ਜਲੰਧਰ ਵਿਖੇ ਇਹ ਰਿਪੋਰਟ ਜਾਰੀ ਕਰਦਿਆਂ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਨੇ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਵਿਧਾਇਕਾਂ ਦੇ ਪਿਛੋਕੜ ਬਾਰੇ ਇਹ ਜਾਣਕਾਰੀ ਉਹਨਾਂ ਵਲੋਂ ਚੋਣ ਕਮਿਸ਼ਨ ਨੂੰ ਨਾਮਜ਼ਦਗੀ ਪੇਪਰ ਭਰਨ ਵੇਲੇ ਦਿੱਤੇ ਹਲਫੀਆ ਬਿਆਨਾਂ ‘ਤੇ ਅਧਾਰਤ ਹੈ।

ਰਿਪੋਰਟ ਮੁਤਾਬਕ 2022 ਵਿੱਚ ਨਵੇਂ ਚੁਣੇ ਗਏ 117 ਵਿਧਾਇਕਾਂ ‘ਚੋਂ 58 (50%) ‘ਤੇ ਅਪਰਾਧਿਕ ਮਾਮਲੇ ਦਰਜ ਹਨ।ਪਿਛਲੀ ਵਿਧਾਨ ਸਭਾ 2017 ਵਿੱਚ ਇਹ ਗਿਣਤੀ ਸਿਰਫ 16 (14%) ਸੀ।ਇਸ ਵਾਰ ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਵਿਧਾਇਕਾਂ ਦੀ ਗਿਣਤੀ 27 (23%) ਹੈ ਜਦਕਿ ਪਿਛਲੀ ਵਿਧਾਨ ਸਭਾ ‘ਚ ਇਹ ਸਿਰਫ 11 (9%) ਸੀ।

ਗੰਭੀਰ ਮਾਮਲਿਆਂ ‘ਚੋ 1 ਵਿਧਾਇਕ ਖਿਲਾਫ ਕਤਲ, 2 ਖਿਲਾਫ ਕਤਲ ਦੀ ਕੋਸ਼ਿਸ਼ ਅਤੇ 3 ਖਿਲਾਫ ਔਰਤਾਂ ਵਿਰੁੱਧ ਜ਼ੁਰਮ ਨਾਲ ਸਬੰਧਤ ਮਾਮਲੇ ਦਰਜ ਹਨ।

ਪਾਰਟੀਵਾਈਜ਼ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ 92 ‘ਚੋਂ 52 (57%), ਕਾਂਗਰਸ ਦੇ 18 ‘ਚੋਂ 3 (17%), ਸ਼੍ਰੋਮਣੀ ਅਕਾਲੀ ਦਲ ਦੇ 3 ‘ਚੋਂ 2 (67%) ਅਤੇ ਬੀ.ਜੇ.ਪੀ. ਦੇ 2 ‘ਚੋਂ 1 (50%) ਵਿਧਾਇਕਾਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲੇ ਦੱਸੇ ਹਨ।ਗੰਭੀਰ ਮਾਮਲਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 23 (25%), ਕਾਂਗਰਸ ਦੇ 2 (11%) ਅਤੇ ਸ਼੍ਰੋਮਣੀ ਅਕਾਲੀ ਦਲ ਦੇ 3 ‘ਚੋਂ 2 (67%) ਵਿਧਾਇਕਾਂ ਖਿਲਾਫ ਇਹ ਮਾਮਲੇ ਦਰਜ ਹਨ।

ਮੌਜੂਦਾ ਵਿਧਾਨ ਸਭਾ ‘ਚ 87 (74%) ਵਿਧਾਇਕ ਕਰੋੜਪਤੀ ਹਨ ਜਦਕਿ ਪਿਛਲੀ ਵਿਧਾਨ ਸਭਾ ‘ਚ ਇਹ ਗਿਣਤੀ 95 (81%) ਸੀ।ਆਮ ਆਦਮੀ ਪਾਰਟੀ ਦੇ ਇਸ ਵਿਧਾਨ ਸਭਾ ਵਿੱਚ 63 (69%), ਕਾਂਗਰਸ ਦੇ 17 (94%), ਸ਼੍ਰੋਮਣੀ ਅਕਾਲੀ ਦਲ ਦੇ 3 (100%), ਬੀ.ਜੇ.ਪੀ. ਦੇ 2 (100%) ਅਤੇ ਬਹੁਜਨ ਸਮਾਜ ਪਾਰਟੀ ਦੇ 1 (100%) ਨੇ ਆਪਣੇ ਅਸਾਸੇ 1 ਕਰੋੜ ਤੋਂ ਉੱਪਰ ਦੱਸੇ ਹਨ।ਮੌਜੂਦਾ ਵਿਧਾਨ ਸਭਾ ਵਿੱਚ ਪ੍ਰਤੀ ਵਿਧਾਇਕ ਔਸਤਨ ਅਸਾਸੇ 10.45 ਕਰੋੜ ਰੁਪਏ ਦੇ ਹਨ ਜਦਕਿ 2017 ਵਿੱਚ ਇਹ 11.78 ਕਰੋੜ ਰੁਪਏ ਦੇ ਸਨ।ਪਾਰਟੀਵਾਈਜ਼ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਦੇ ਔਸਤਨ ਅਸਾਸੇ 7.52 ਕਰੋੜ, ਕਾਂਗਰਸ ਦੇ 18 ਵਿਧਾਇਕਾਂ ਦੇ 22.73 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ 3 ਵਿਧਾਇਕਾਂ ਦੇ 15.03 ਕਰੋੜ ਅਤੇ ਬੀ.ਜੇ.ਪੀ. ਦੇ ਦੋ ਵਿਧਾਇਕਾਂ ਦੇ ਔਸਤਨ ਅਸਾਸੇ 2.49 ਕਰੋੜ ਦੇ ਹਨ।

ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ 238 ਕਰੋੜ, ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 125 ਕਰੋੜ ਅਤੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ 95 ਕਰੋੜ ਦੇ ਨਾਲ ਸਭ ਤੋਂ ਵੱਧ ਅਸਾਸਿਆਂ ਵਾਲੇ ਤਿੰਨ ਵਿਧਾਇਕ ਹਨ।ਇਸੇ ਤਰ੍ਹਾਂ ਸਭ ਤੋਂ ਘੱਟ ਅਸਾਸਿਆਂ ਵਾਲੇ ਵਿਧਾਇਕਾਂ ‘ਚ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਤੋਂ ਨਰਿੰਦਰ ਸਿੰਘ ਸਵਨਾ 18 ਹਜ਼ਾਰ ਰੁਪਏ, ਸੰਗਰੂਰ ਤੋਂ ਨਰਿੰਦਰ ਕੌਰ ਭਰਾਜ 24 ਹਜ਼ਾਰ ਅਤੇ ਭਦੌੜ ਤੋਂ ਲਾਭ ਸਿੰਘ ਉਗੋਕੇ 3 ਲੱਖ 65 ਹਜ਼ਾਰ ਰੁਪਏ ਨਾਲ ਸਭ ਤੋਂ ਘੱਟ ਅਸਾਸਿਆਂ ਵਾਲੇ ਵਿਧਾਇਕ ਹਨ।

ਸਭ ਤੋਂ ਵੱਧ ਆਮਦਨ ਕਰ ਭਰਨ ਵਾਲਿਆਂ ਵਿੱਚ ਕੁਲਵੰਤ ਸਿੰਘ (ਆਪ) 16 ਕਰੋੜ, ਅਮਨ ਅਰੋੜਾ (ਆਪ) 2 ਕਰੋੜ ਅਤੇ ਹਰਦੇਵ ਸਿੰਘ ਲਾਡੀ (ਕਾਂਗਰਸ) 2 ਕਰੋੜ ਸਾਲਾਨਾ ਆਮਦਨ ਦੱਸਦੇ ਹਨ।

ਵਿੱਦਿਅਕ ਪੱਖ ਤੋਂ ਦੇਖੀਏ ਤਾਂ 45 (38%) ਵਿਧਾਇਕਾਂ ਨੇ ਆਪਣੀ ਵਿੱਦਿਅਕ ਯੋਗਤਾ 5ਵੀਂ ਤੋਂ 12ਵੀਂ ਪਾਸ ਦੱਸੀ ਹੈ।67 (57%) ਨੇ ਗ੍ਰੈਜੂਏਟ ਜਾਂ ਉਸ ਤੋਂ ਜ਼ਿਆਦਾ ਦੱਸੀ ਹੈ।5 ਵਿਧਾਇਕ ਡਿਪਲੋਮਾ ਹੋਲਡਰ ਹਨ।

ਉਮਰ ਬਾਰੇ ਗੱਲ ਕੀਤੀ ਜਾਵੇ ਤਾਂ 61 (52%) ਵਿਧਾਇਕ 25 ਤੋਂ 50 ਸਾਲ ਅਤੇ 56 (48%) ਵਿਧਾਇਕ 51 ਤੋਂ 80 ਸਾਲ ਉਮਰ ਦੇ ਹਨ।

117 ਵਿਧਾਇਕਾਂ ਵਿੱਚ 13 (11%) ਮਹਿਲਾਵਾਂ ਹਨ ਜਦਕਿ ਪਿਛਲੀ ਵਿਧਾਨ ਸਭਾ ਵਿੱਚ ਇਹ ਗਿਣਤੀ ਸਿਰਫ 6 (5%) ਸੀ।ਇਸ ਵਿਧਾਨ ਸਭਾ ਵਿੱਚ 25 ਵਿਧਾਇਕ ਦੂਜੀ ਵਾਰ ਵਿਧਾਇਕ ਬਣੇ ਹਨ।